ਜੱਜ ਸਾਹਿਬ ਸਿੱਖ ਏਲੀਅਨ ਨਹੀਂ

ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਦੇ ਜੱਜ ਸਾਹਿਬ ਵੱਲੋਂ ਸਿੱਖ ਦਸਤਾਰ ਬਾਰੇ ਕੀਤੀ ਗਈ ਟਿੱਪਣੀ ਬਹੁਤ ਇਤਰਾਜ਼ਯੋਗ ਅਤੇ ਧਾਰਮਿਕ ਭਾਵਨਾਵਾਂ ‘ਤੇ ਜ਼ਖ਼ਮ ਕਰਨ ਵਾਲੀ ਹੈ। ਇਸ ਟਿੱਪਣੀ ਨੇ ਤਾਂ ਸਿੱਖ ਭਾਈਚਾਰੇ ਦੀ ਵੱਖਰੀ ਅਤੇ ਨਿਆਰੀ ਹੋਂਦ ਉੱਪਰ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜੱਜ ਸਾਹਿਬ ਨੇ ਅਦਾਲਤ ਵਿੱਚ ਇਹ ਸਵਾਲ ਪੁੱਛਿਆ ਹੈ ਕਿ ਸਿੱਖਾਂ ਲਈ ‘ਦਸਤਾਰ’ ਜ਼ਰੂਰੀ ਹੈ ਜਾਂ ਉਨ੍ਹਾਂ ਦਾ ਕੰਮ ਸਿਰਫ ‘ਸਿਰ ਢੱਕਣ’ ਨਾਲ ਹੀ ਚੱਲ ਜਾਂਦਾ ਹੈ। ਸਿੱਖ ਭਾਈਚਾਰੇ ਦਾ ਇਸ ਤੋਂ ਵੱਡਾ ਕੋਈ ਅਪਮਾਨ ਨਹੀਂ ਹੋ ਸਕਦਾ। ਸਿੱਖ ਏਲੀਅਨ ਨਹੀਂ ਹਨ। ਸਿੱਖ ਭਾਰਤ ਦੇ ਜੱਦੀ ਵਸਨੀਕ ਹਨ। ਭਾਰਤ ਦੀ ਮੌਜੂਦਾ ਹੌਂਦ ਸਿੱਖਾਂ ਕਾਰਨ ਹੀ ਕਾਇਮ ਹੈ। ਜੇਕਰ ਸਿੱਖ ਭਾਈਚਾਰਾ ਭਾਰਤ ਦਾ ਹਿੱਸਾ ਨਾ ਹੁੰਦਾ ਤਾਂ ਸ਼ਾਇਦ ਭਾਰਤ ਵੀ ਨਾ ਹੁੰਦਾ। ਇਤਿਹਾਸ ਵਿੱਚ ਸਿੱਖ ਭਾਈਚਾਰੇ ਨੇ ਭਾਰਤੀਆਂ ਅਤੇ ਭਾਰਤ ਉੱਪਰ ਵੱਡੇ ਅਹਿਸਾਨ ਕੀਤੇ ਹਨ। ਇਹ ਗੱਲ ਵੱਖਰੀ ਹੈ ਕਿ ਭਾਰਤ ਨੇ ਅੱਜ ਤੱਕ ਸਿੱਖਾਂ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ। ਸੁਪਰੀਮ ਕੋਰਟ ਦੀ ਟਿੱਪਣੀ ਵੀ ਸ਼ਾਇਦ ਇਸੇ ਵਿਵਹਾਰ ਦਾ ਇਕ ਹਿੱਸਾ ਹੈ। ਇਹ ਕਾਨੂੰਨੀ ਸਵਾਲ ਹੀ ਨਹੀਂ ਹੈ। ਸਿੱਖ ਵੱਡੇ-ਵੱਡੇ ਰੁਤਬਿਆਂ ਉੱਪਰ ਰਹਿ ਚੁੱਕੇ ਹਨ। ਦੇਸ਼ ਦਾ ਰਾਸ਼ਟਰਪਤੀ ਸਿੱਖ ਰਹਿ ਚੁੱਕਾ ਹੈ। ਸੁਪਰੀਮ ਕੋਰਟ ਦੇ ਮੁੱਖ ਜੱਜ ਬਣਨ ਦਾ ਮਾਣ ਵੀ ਸਿੱਖਾਂ ਨੂੰ ਮਿਲ ਚੁੱਕਿਆ ਹੈ। ਇਸ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸਿੱਖ ਬਣ ਚੁੱਕਿਆ ਹੈ। ਹੋਰ ਵੀ ਕਈ ਵੱਡੇ ਰੁਤਬਿਆਂ ‘ਤੇ ਸਿੱਖਾਂ ਨੂੰ ਕੰਮ ਕਰਨ ਦਾ ਮਾਣ ਹੈ। ਇਹ ਕੋਈ ਫਰਾਂਸ ਜਾਂ ਕੋਈ ਹੋਰ ਅਜਿਹਾ ਮੁਲਕ ਨਹੀਂ ਜਿੱਥੇ ਜੱਜ ਨੂੰ ਇਹ ਪੁੱਛਣਾ ਪਵੇ ਕਿ ਸਿੱਖਾਂ ਲਈ ‘ਦਸਤਾਰ’ ਜ਼ਰੂਰੀ ਹੈ ਜਾਂ ਨਹੀਂ। ਸਿੱਖਾਂ ਨੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਜਾਨਾਂ ਕੁਰਬਾਨ ਕੀਤੀਆਂ। ਭਾਰਤ ਉੱਪਰ ਮੁਗਲਾਂ ਅਤੇ ਹੋਰ ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਸਿੱਖ ਭਾਈਚਾਰੇ ਨੇ ਹੀ ਕੀਤਾ ਹੈ। ਸਿੱਖ ਰਾਜ ਭਾਗ ਦੇ ਮਾਲਕ ਵੀ ਰਹੇ ਹਨ। ਫਿਰ ਇੱਕ ਜੱਜ ਇਹ ਕਿਉਂ ਪੁੱਛ ਰਿਹਾ ਹੈ ਕਿ ਸਿੱਖਾਂ ਨੂੰ ‘ਦਸਤਾਰ’ ਪਹਿਨਣੀ ਜ਼ਰੂਰੀ ਹੈ ਕਿ ਨਹੀਂ। ਜੱਜ ਵੱਲੋਂ ਉਠਾਇਆ ਗਿਆ ਸਵਾਲ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਭਾਰਤੀ ਰਾਜ ਪ੍ਰਬੰਧ ਵਿੱਚ ਸਿੱਖਾਂ ਲਈ ਸ਼ਾਇਦ ਕੋਈ ਥਾਂ ਨਹੀਂ ਬਚੀ। ਦੇਸ਼ ਦੀ ਸਰਵਉੱਚ ਅਦਾਲਤ ਇਕ ਸਧਾਰਨ ਕੇਸ ਦੀ ਸੁਣਵਾਈ ਦੌਰਾਨ ਸਿੱਖਾਂ ਦੇ ਧਾਰਮਿਕ ਅਕੀਦੇ ਉੱਪਰ ਹੀ ਸਵਾਲ ਖੜ੍ਹੇ ਕਰ ਰਹੀ ਹੈ। ਕੀ ਇਸ ਦੇਸ਼ ਵਿੱਚ ਕੋਈ ਜੱਜ ਹਿੰਦੂ ਭਾਈਚਾਰੇ ਨੂੰ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਪ੍ਰਤੀ ਕੋਈ ਅਜਿਹਾ ਸਵਾਲ ਪੁੱਛ ਸਕਦਾ ਹੈ। ਜੱਜ ਵੱਲੋਂ ਕੀਤੀ ਗਈ ਟਿੱਪਣੀ ਇਸ ਦੇਸ਼ ਦੇ ਸਰਵ ਸਾਂਝੇ ਰਾਜਸੀ ਪ੍ਰਬੰਧ ਲਈ ਇਕ ਚੁਣੌਤੀ ਹੈ। ਇਸ ਦਾ ਡੱਟ ਕੇ ਵਿਰੋਧ ਹੋਣਾ ਚਾਹੀਦਾ ਹੈ। ਇਹ ਚੰਗੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਉੱਪਰ ਫੌਰੀ ਪ੍ਰਤੀਕਰਮ ਦਿੱਤਾ ਹੈ। ਸਿੱਖ ਭਾਈਚਾਰੇ ਦੀਆਂ ਹੋਰ ਪ੍ਰਮੁੱਖ ਜਥੇਬੰਦੀਆਂ ਵੀ ਇਸ ਮਾਮਲੇ ‘ਤੇ ਖੁੱਲ੍ਹ ਕੇ ਬੋਲ ਰਹੀਆਂ ਹਨ। ਇਹ ਮਾਮਲਾ ਉਸ ਸਮੇਂ ਉੱਠਿਆ ਹੈ ਜਦੋਂ ਸਿੱਖ ਭਾਈਚਾਰਾ ਸੰਸਾਰ ਭਰ ਵਿੱਚ ‘ਦਸਤਾਰ’ ਅਤੇ ‘ਪਹਿਚਾਣ’ ਦੀ ਲੜਾਈ ਲੜ ਰਿਹਾ ਹੈ। ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ ਨਾਲ ਇਹ ਗੱਲ ਸਾਹਮਣੇ ਆ ਗਈ ਹੈ ਕਿ ਸਾਡੇ ਆਪਣੇ ਘਰ ਵਿੱਚ ਵੀ ਸਿੱਖ ‘ਦਸਤਾਰ’ ਅਤੇ ‘ਪਹਿਚਾਣ’ ਲਈ ਖਤਰੇ ਮੌਜੂਦ ਹਨ। ਸਿੱਖ ਭਾਈਚਾਰੇ ਨੂੰ ਇਸ ਸੌੜੀ ਅਤੇ ਫਿਰਕੂ ਮਾਨਸਿਕਤਾ ਖਿਲਾਫ਼ ਲੜਾਈ ਲੜਨੀ ਹੋਵੇਗੀ। ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਸਿੱਖ ਭਾਈਚਾਰੇ ਦੀਆਂ ਪੀੜ੍ਹਤ ਭਾਵਨਾਵਾਂ ਨੂੰ ਕੁੱਝ ਸ਼ਾਂਤੀ ਮਿਲ ਸਕੇ।
– ਬਲਜੀਤ ਸਿੰਘ ਬਰਾੜ-
ਸੰਪਾਦਕ, ਰੋਜ਼ਾਨਾ ਪੰਜਾਬ ਟਾਇਮਜ਼ ਜਲੰਧਰ

Leave a comment

Your email address will not be published.