ਮੂਸੇ ਵਾਲਾ ਮੁੰਡਾ


The following post is by Surinder Singh Journalist on the singer Sidhu Moosewala and his influence on the youth.

ਮੂਸੇ ਵਾਲਾ ਮੁੰਡਾ

ਗੀਤਕਾਰਾਂ ਤੇ ਗਾਇਕਾਂ ਨੂੰ ਜਿੰਨਾ ਮਾਣ ਤਾਣ ਬਰਾਜੀਲ ਮੁਲਕ ਵਾਲੇ ਦਿੰਦੇ ਨੇ ਉਸ ਤੋਂ ਕਿਤੇ ਵੱਧ ਪੰਜਾਬੀ। ਕਈ ਵਾਰ ਤਾਂ ਅਜਿਹੇ ਬੰਦੇ ਨੂੰ ਵੀ ਵੱਡੇ ਕਲਾਕਾਰ ਹੋਣ ਦਾ ਰੁਤਬਾ ਝੋਲੀ ਪਾ ਦਿੱਤਾ ਜਾਂਦੈ ਜੀਹਨੂੰ ਮਾਂ ਦੀ ਕੁੱਖ ਮਹਿਜ਼ ਫ਼ੈਕਟਰੀ (ਗੀਤਾਂ ਦੀ ਲੱਚਰ ਸ਼ਬਦਾਵਲੀ) ਜਿਹੀ ਪ੍ਰਤੀਤ ਹੁੰਦੀ ਐ। 1992-93 ‘ਚ ਕੇਂਦਰ ਸਰਕਾਰ ਨੇ ਆਪਣੇ ਕਰਿੰਦੇ ਕੇਪੀ ਗਿੱਲ ਰਾਹੀਂ ਗੁਰਦਾਸ ਮਾਨ ਜਿਹੇ ਗਾਇਕਾਂ ਅਤੇ ਹੋਰਨਾਂ ਕਲਾਕਾਰਾਂ ਕੋਲੋਂ ਸਿੱਖ ਸਭਿਆਚਾਰ ਨੂੰ ਅਖੌਤੀ ਪੰਜਾਬੀ ਅਤੇ ਜੱਟ ਸਭਿਆਚਾਰ ‘ਚ ਡੁਬੋ ਕੇ ਆਜ਼ਾਦੀ ਦੀ ਚਾਹਤ ਪਾਲ ਰਹੇ ਮੁੰਡਿਆਂ ਨੂੰ ਇਹ ਭਰਮ ਭੁਲੇਖਾ ਖੜ੍ਹਾ ਕੀਤਾ ਕਿ ਤੁਹਾਡਾ ਇਸ਼ਕ ਸਿਰ ਤਲੀ ‘ਤੇ ਰੱਖ ਕੇ ਔਰਤ ਅਤੇ ਧਰਮ ਦੀ ਰੱਖਿਆ ਕਰਨਾ ਨਹੀਂ ਰਾਂਝੇ ਵਾਂਗ ਚਾਕਰੀ ਨੂੰ ਦਾਗ ਲਾਉਣ ‘ਚ ਲੁਕਿਆ ਹੋਇਐ। ਇਸ ਤਰਾਂ ਜੱਟ ਨੂੰ ਪਹਿਲਾਂ ਆਪਣਾ ਪੁੱਤ ਰਾਂਝਾ ਤੇ ਗੁਆਂਢੀ ਜੱਟ ਦੀ ਧੀਅ ਹੀਰ ਦਿਖਾਈ ਦੇਣ ਲੱਗੀ। ਜਦੋਂ ‘ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲਈ …’ ਆਇਆ ਤਾਂ ਫਿਰ ਆਪਣੇ ਘਰੇ ਵੀ ‘ਸਾਹਿਬਾਂ’ ਜੰਮਣ ‘ਤੇ ਉੱਜਰ ਨਾ ਹੋਇਆ। ਪੰਜਾਬੀਆਂ ਤੇ ਜੱਟਾਂ ਦੇ ਵਿਆਹ ਸਮਾਗਮਾਂ ‘ਚ ਮਾਂ-ਪਿਓ ਤੇ ਭੈਣ ਭਰਾਵਾਂ ਨੇ ਅਜਿਹੇ ਗਾਣਿਆਂ ‘ਤੇ (ਆਲੇ ਦੁਆਲੇ ਤੋਂ ਸੱਜਣ ਕਹਿ ਕੇ ਕਾਰਡ ਭੇਜ ਭੇਜ ਬੁਲਾਈ ਤਮਾਸ਼ਾ ਦੇਖਣ ਵਾਲੀ ਲਾਗ) ਮੇਲ ਨਾਲ ਖਹਿ-ਖਹਿ ਕੇ ਖਰਮਸਤੀਆਂ ਕੀਤੀਆਂ। ਦਿੱਲੀ ਬੈਠਾ ਘਾੜਤੀ ਦੁਸ਼ਮਣ ਇਸ ਸੱਭ ਦਾ ਮੁਜਰੇ ਵਾਂਗ ਅੱਜ ਵੀ ਅਨੰਦ ਲੈ ਰਿਹੈ। ਪੰਜਾਬੀਆਂ ਨੂੰ ਪਤਾ ਹੀ ਨਾ ਲੱਗਾ ਕਿ ਉਸ ਦੀ ਧੀਅ ਇਨ੍ਹਾਂ ਗਾਣਿਆਂ ‘ਤੇ ਨੱਚਦੀ ਨੱਚਦੀ ਡੀਜੇ ਸਟੇਜ ‘ਤੇ ਕਦੋਂ ਪਹੁੰਚ ਗਈ। ਹੁਣ ਉਸ ਨੂੰ ਆਪਣੇ ਕਾਜ ਅਜਿਹੇ ਨਾਚਾਂ ਤੋਂ ਬਗੈਰ ਅਧੂਰੇ ਤੇ ਬੇਰੰਗ ਜਾਪਦੇ ਨੇ। ਅਜਿਹੇ ਗਾਇਕਾਂ ਨੇ ਕੁਰਾਹੇ ਪਾਉਣ ਵਾਲੇ ਗਾਣਿਆਂ ਦੇ ਨਾਲ ਨਾਲ ਕੋਈ ਇੱਕ ਅੱਧਾ ਅਜਿਹਾ ਗੀਤ ਵੀ ਗਾਇਆ ਜਿਸ ਨਾਲ ਅਣਖੀ ਅਤੇ ਗ਼ੈਰਤ ਵਾਲੇ ਬੰਦਿਆਂ ਦਾ ਧਿਆਨ ਉਹਨਾਂ ਦੀ ਖੂੰਬ ਠੱਪਣ ਵੱਲ ਜਾਣ ਤੋਂ ਰੁਕਿਆ।

ਇਸ ਵਰਤਾਰੇ ਦੇ ਨਾਲ ਹੀ ਨਵੀਂ ਅਖੌਤੀ ਗਾਇਕ ਮੰਡ੍ਹੀਰ ਨੇ ਵੀ ਜਨਮ ਲਿਆ ਜਿਸਨੇ ਪੰਜਾਬ ਦੇ ਸਿੰਘਾਂ ਦੇ ਇਤਿਹਾਸ ਅਤੇ ਦੁੱਲੇ ਵਰਗੇ ਜੱਟ ਯੋਧਿਆਂ ਨੂੰ ਕਲੰਕਤ ਕਰਨ ‘ਚ ਕਸਰ ਨਹੀਂ ਛੱਡੀ। ਕਿਉਂਕਿ ਪੰਜਾਬ ਦੇ ਜੰਮਿਆਂ ਕਿਰਪਾਨਾਂ ਬੰਦੂਕਾਂ ਨਾਲ ਡਾਹਢੇ ਦੁਸ਼ਮਣ ਨਾਲ ਟੱਕਰ ਲੈ ਕੇ ਸਾਡੀ ਅਣਖ ਅਤੇ ਸਤਕਾਰ ਦੀ ਪਾਤਰ ਔਰਤ ਨੂੰ ਸਲਾਮਤ ਬਚਾਇਐ। ਕੋਈ ਮੂਸੇ ਆਲਾ ਨਵਾਂ ਮੁੰਡਾ ਗੀਤ ਲੈ ਕੇ ਆਉਂਦੈ ‘ਜਿੱਥੇ ਕਸੂਰ ਬੰਦਾ ਮਾਰ ਕੇ ਪੱਛਦੇ ਆ, ਜੱਟ ਉੱਸ ਪਿੰਡ ਨੂੰ ਬਲੌਂਗ ਕਰਦੈ’ ਨਾਲ ਹੀ ਉਹ ਇਸੇ ਗਾਣੇ ‘ਚ ਕਈ ਤਰਾਂ ਦੀਆਂ ਹੋਰ ਗੱਲਾਂ ਵੀ ਕਰਦੈ ਮਸਲਨ ਰੋਟੀ ਵੀ ਕਿਰਪਾਨ ‘ਤੇ ਰੱਖ ਕੇ ਖਾਣੀ ਜਾਂ ਸਾਡੇ ਪਿੰਡ ਦੇ ਜੁਆਕ ਵੀ ਬੰਦੂਕਾਂ ਰੱਖਦੇ ਵਗੈਰਾ। ਇੱਕ ਕੁੜੀ ਜਿਹੜੀ ਆਪਣੇ ਆਪ ਨੂੰ ਟੋਰਾਂਟੋ ਦੀ ਦੱਸਦੀ ਐ ਉਹ ਜਵਾਬ ‘ਚ ਪੰਜਾਬੀਆਂ ਦੀਆਂ ਧੀਆਂ ਦੀ ਵੱਖਰੀ ਤਰਾਂ ਦੀ ਟੌਅਰ (ਖਲਨਾਇਕੀ) ਪੇਸ਼ ਕਰਦੀ ਐ। ਇਹ ਸੱਭ ਗੀਤ ਗਾ ਕੇ ਪੰਜਾਬ ਦੀ ਤਸਵੀਰ ‘ਚ ਰੰਗ ਭਰੇ ਜਾ ਰਹੇ ਨੇ, ਉਹ ਰੰਗ ਜਿਹੜੇ ਦੁਸ਼ਮਣ ਨੇ ਬਣਾਏ ਨੇ, ਪੰਜਾਬ ਦੀ ਤਸਵੀਰ ‘ਚ ਦਿਖਾਈ ਦਿੰਦੇ ਲਾਲ ਰੰਗ ਨੂੰ ਲੁਕਾਉਣ ਲਈ। ਝੂਠੇ ਮੁਕਾਬਲਿਆਂ ‘ਚ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦਾ ਲਾਲ ਰੰਗ। … ਤੇ ਇਸੇ ਤਸਵੀਰ ਦਾ ਪਹਿਲਾ ਹਿੱਸਾ ਕਿਸਾਨ ਦੀ ਖ਼ੁਦਕੁਸ਼ੀ ਐ। ਮੈਂ ਇੱਕ ਅਜਿਹੇ ਕਿਸਾਨ ਦੇ ਘਰ ਗਿਆ ਜਿਸ ਨੇ 6 ਲੱਖ ਦੇ ਕਰਜ਼ੇ ਕਾਰਨ ਫਾਹਾ ਲਿਆ ਸੀ। ਅਖ਼ਬਾਰਾਂ ਨੇ ਵੀ ਖ਼ਬਰ ਛਾਪੀ ਸੀ। 6 ਲੱਖ ਦੇ ਕਰਜ਼ੇ ਕਾਰਨ ਕੋਈ ਆਪਣੀ ਜਾਨ ਨਹੀਂ ਦੇ ਸਕਦਾ। ਇਸ ਲਈ ਡੂੰਘਾਈ ਨਾਲ ਖੋਜ ਕਰਨ ਤੋਂ ਪਤਾ ਲੱਗਾ ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦੀ ਉਹਦੀ ਧੀਅ ਦਾ ਟੋਰਾਂਟੋ ਦੀ ਜੱਟੀ ਵਾਲਾ ਉਹਦਾ ਰੰਗ ਜੱਟ ਦੀ ਮੌਤ ਦਾ ਕਾਰਨ ਬਣਿਆ। ਮੂਸੇ ਆਲੇ ਦੇ ਅਜਿਹੇ ਗੀਤਾਂ ਨੇ ਜੱਟ ਦੀ ਧੀਅ ਨੂੰ ਟੋਰਾਂਟੋ ਵਾਲੀ ਦੇ ਰੰਗ ‘ਚ ਅਜਿਹਾ ਰੰਗਿਆ ਕਿ ਕੋਈ ਉਹਦੇ ਖ਼ਰਚੇ (ਚਿੱਟੇ ਦਾ ਨਸ਼ਾ) ਪੂਰੇ ਨਾ ਕਰ ਸਕਿਆ ਤੇ ਉਹ ਖ਼ਰਚੇ ਪੂਰੇ ਕਰਨ ਦੇ ਰਾਹ ਪੈ ਗਈ। ਜਦੋਂ ਪਿਓ ਨੂੰ ਪਤਾ ਲੱਗਾ ਤਾਂ ਫਾਹਾ ਉਸ ਲਈ ਫੁੱਲਾਂ ਦਾ ਹਾਰ ਜਾਪਣ ਲੱਗ ਪਿਆ।

ਜਦੋਂ ਚਮਕੀਲਾ ਆਪਣੀ ਸਾਲੀ ਦਾ ਲੱਕ ਮਿਣਦਾ ਮਿਣਦਾ ਮਾਰਿਆ ਗਿਆ ਤਾਂ ਮੈਂ ਸਬੰਧਤ ਬੰਦਿਆਂ ਨੂੰ ਕਿਹਾ ਸੀ ਬਈ ਮਾਰਦੇ ਨਾਂ ਇਹਨੂੰ, ਵਡੇਰੀ ਉਮਰ ‘ਚ ਪੁੱਛਾਂਗੇ। ਪਰ ਖੌਰੇ ਚੰਗਾ ਈ ਕੀਤਾ ਸੀ। ਮੂਸੇ ਆਲੇ ਛੋਹਰ ਦੇ ਮਾਪੇ ਜਾਂ ਤਾਂ ਕੇਪੀ ਗਿੱਲ ਵਾਲੇ ਜੀਨ ਨਾਲ ਸੰਬੰਧ ਰੱਖਦੇ ਹੋਣਗੇ ਜਾਂ ਫਿਰ ਉਹਨਾਂ ਕੇਪੀ ਗਿੱਲ ਦੇ ਸਮੇਂ ਪੁਲਿਸ ਦੀ ਨੌਕਰੀ ਕੀਤੀ ਹੋਊ। ਕਿਉਂਕਿ ਉਦੋਂ ਇੱਕ ਪਾਸੇ ਸਿੱਖ ਮੁੰਡਿਆਂ ਦੇ ਕਤਲ ਹੋ ਰਹੇ ਸਨ ਤੇ ਦੂਜੇ ਪਾਸੇ ਕੇਪੀ ਗਿੱਲ ਚੰਡੀਗੜ੍ਹ ਤੋਂ ਫ਼ਿਲਮ ਐਕਟਰ ਸ੍ਰੀਦੇਵੀ ਨੂੰ ਚੱਲਦੀ ਸ਼ੂਟਿੰਗ ‘ਚ ਬਾਂਹ ਤੋਂ ਫੜ ਕੇ ਲੈ ਗਿਆ ਸੀ। ਉਹ ਭਾਰਤ ‘ਚ ਪੁਲਿਸ ਵਾਲ਼ਿਆਂ ‘ਚ ਬਲਾਤਕਾਰੀ ਸੁੱਪਰ ਕੌਪ ਵੱਜੋਂ ਜਾਣਿਅਾ ਜਾਂਦਾ ਸੀ। ਇਸ ਦਾ ਜ਼ਿਕਰ ‘ਹੋਇਆ ਕੀ ਜੇ ਨੱਚਦੀ ਦੀ ਬਾਂਹ…’ ‘ਚ ਆਇਆ। ਮੂਸੇ ਆਲੇ ਛੋਹਰ ਵੀ ੳੁਸੇ ਕੇਪੀ ਗਿੱਲ ਦੀ ਲੀਹ ‘ਤੇ ਚੜ੍ਹ ਚੁੱਕਾ ਹੈ। ਹੋ ਸਕਦੈ ਅਨਜਾਣਪੁਣੇ ‘ਚ। ੳੁਹਦੇ ਮਾਪੇ ਸਲਾਮਤ ਰਹਿਣ ਤੇ ੳੁਹਦੀ ਉਮਰ ਲੰਮੀ ਹੋਵੇ ਤੇ ਉਸ ਨੂੰ ਆਪਣੇ ਗਾਏ ਗੀਤਾਂ ਦੇ ਅਰਥ ੳੁਹਦੇ ਟੱਬਰ ਦੇ ਜਿੳੁਂਦਿਅਾਂ ਹੀ ਸਪੱਸ਼ਟ ਹੋ ਜਾਣ, ਮੈਂ ਅਰਦਾਸ ਕਰਦਾਂ।
ਸੁਰਿੰਦਰ ਸਿੰਘ

Tags sidhu

Share this post