ਦੇ ਜਾ ਦਰਸ਼ਨ ਦਿਦਾਰੇ – ਭਾਈ ਵੀਰ ਸਿੰਘ


ਦੇ ਜਾ ਦਰਸ਼ਨ ਦਿਦਾਰੇ

ਦੇ ਜਾ ਦਰਸ਼ਨ ਦਿਦਾਰੇ, ਬੈਠੇ ਤੇਰੇ ਹਾਂ ਦਵਾਰੇ,
ਆਸਾਂ ਕਦ ਦੀਆਂ ਧਾਰੇ, ਕਲਗ਼ੀਆਂ ਵਾਲੇ ਪਯਾਰੇ !

ਆ ਜਾ ਆ ਜਾ ਪਿਆਰੇ, ਆ ਜਾ ਰੱਬ ਦੇ ਸੁਆਰੇ,
ਦੇ ਜਾ ਦਰਸ਼ਨ ਦਿਦਾਰੇ, ਕਲਗ਼ੀਆਂ ਵਾਲੇ ਪਯਾਰੇ !

ਤੇਰੇ ਰੰਗ ਰੰਗਾਰੇ ਤਰਸਨ ਨੈਨ ਵਿਚਾਰੇ,
ਸਿੱਕੀਂ ਸਾਲ ਗੁਜ਼ਾਰੇ, ਕਲਗ਼ੀਆਂ ਵਾਲੇ ਪਯਾਰੇ !

ਕੂੰਜਾਂ ਮੁੜ ਮੁੜ ਆਈਆਂ, ਨਦੀਆਂ ਪਰਤ ਪਰਤਾਈਆਂ,
ਤੂੰ ਭੀ ਮੋੜ ਮੁਹਾਰੇ, ਕਲਗ਼ੀਆਂ ਵਾਲੇ ਪਯਾਰੇ !

ਬਾਗੀਂ ਬੁਲਬੁਲ ਬੋਲੇ, ਬ੍ਰਿਹੋਂ ਦਿਲਾਂ ਨੂੰ ਝੰਝੋਲੇ,
ਤੀਰ ਅਣਿਯਾਲੇ ਮਾਰੇ, ਕਲਗ਼ੀਆਂ ਵਾਲੇ ਪਯਾਰੇ !

ਅੰਦਰ ਧੋ ਵੇ ਬਨਾਯਾ, ਤੇਰਾ ਨਾਮ ਵਿਛਾਯਾ,
ਉਠਦੇ ਯਾਦ ਹੁਲਾਰੇ, ਕਲਗ਼ੀਆਂ ਵਾਲੇ ਪਯਾਰੇ !

ਤੂੰ ਮੁੜ ਫੇਰਾ ਨਾ ਪਾਯਾ, ਚਰਨੀਂ ਆ ਨ ਲਗਾਇਆ,
ਬਿਰਹੋਂ ਚੁਭਣ ਕਟਾਰੇ, ਕਲਗ਼ੀਆਂ ਵਾਲੇ ਪਯਾਰੇ !

ਖ਼ੈਰ ਦਰਸ਼ਨ ਦੀ ਪਾਈਂ, ਨੈਣੀਂ ਆ ਕੇ ਸਮਾਈਂ,
ਕਰਦੇ ਠੰਢ ਠੰਢਾਰੇ, ਕਲਗ਼ੀਆਂ ਵਾਲੇ ਪਯਾਰੇ !

ਸਿਕਦਯਾਂ ਉਮਰਾ ਹੋ ਬੀਤੀ, ਤੂੰ ਆ ਸਾਰ ਨ ਲੀਤੀ,
ਔਗੁਣ ਮੇਰੇ ਨੀ ਸਾਰੇ, ਕਲਗ਼ੀਆਂ ਵਾਲੇ ਪਯਾਰੇ !

ਵਾਂਗੂੰ ਕੂੰਜ ਕੁਰਲਾਵਾਂ ‘ਕੋਇਲ ਕੂਕਾਂ’ ਮੈਂ ਪਾਵਾਂ,
ਰੋਵਾਂ ਖੜੀਓ ਦੁਆਰੇ, ਕਲਗ਼ੀਆਂ ਵਾਲੇ ਪਯਾਰੇ !

ਚਾਤ੍ਰਿਕ ਵਾਂਗ ਉਦਾਸੀ, ਬਨ ਬਨ ਫਿਰਾਂ ਮੈਂ ਪਿਆਸੀ,
ਮੇਰੇ ਭਾਗ ਨਿਆਰੇ, ਕਲਗ਼ੀਆਂ ਵਾਲੇ ਪਯਾਰੇ !

ਰੁਣ ਝੁਣ ਮੋਰਾਂ ਨੇ ਲਾਈ, ਮੇਘਾਂ ਵਾਂਙੂ ਤੂੰ ਆਈਂ,
ਸਿਕਦੀ ਅਰਜ਼ ਗੁਜ਼ਾਰੇ, ਕਲਗ਼ੀਆਂ ਵਾਲੇ ਪਯਾਰੇ !

ਆਜਾ ਆਜਾ ਗੁਸਾਈਂ ! ਆਜਾ ਅਰਸ਼ਾਂ ਦੇ ਸਾਈਂ !
ਆਜਾ ਰੱਬ ਦੇ ਸੁਆਰੇ, ਕਲਗ਼ੀਆਂ ਵਾਲੇ ਪਯਾਰੇ !

ਸਾਨੂੰ ਸੋਝੀ ਨ ਕੋਈ, ਕਿਧਰੇ ਮਿਲਦੀ ਨ ਢੋਈ,
ਅਪਣਾ ਬਿਰਦ ਵਿਚਾਰੇਂ, ਕਲਗ਼ੀਆਂ ਵਾਲੇ ਪਯਾਰੇ !

ਅੱਡੀ ਝੋਲੀ ਤਕਾਈਂ, ਖ਼ੈਰ ਦਰਸ਼ਨ ਦੀ ਪਾਈਂ,
ਦੇ ਕੇ ਸੁਹਣੇ ਦੀਦਾਰੇ, ਕਲਗ਼ੀਆਂ ਵਾਲੇ ਪਯਾਰੇ !

ਆਜਾ ਆਜਾ ਪਿਆਰੇ, ਦੇ ਜਾ ਦਰਸ਼ਨ ਦਿਦਾਰੇ,
ਬੈਠੇ ਤੇਰੇ ਹਾਂ ਦਵਾਰੇ, ਕਲਗ਼ੀਆਂ ਵਾਲੇ ਪਯਾਰੇ !

Share this post